ਨਵੀਂ ਦਿੱਲੀ-“ਸ੍ਰੀ ਮੋਦੀ ਨਾ ਤਾਂ ਮਨੁੱਖਤਾ ਪੱਖੀ ਅਤੇ ਨਾ ਹੀ ਅੱਛਾ ਪ੍ਰਬੰਧ ਦੇਣ ਵਾਲੇ ਸਿਆਸਤਦਾਨ ਹਨ ਅਤੇ ਨਾ ਹੀ ਮੁਲਕ ਦੇ ਅਮਨ-ਚੈਨ, ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਵਿਚ ਕੋਈ ਸੁਹਿਰਦਤਾ ਦਿਖਾਈ ਦੇ ਰਹੀ ਹੈ । ਬਸ ਕੇਵਲ ਹਿੰਦੂਤਵ ਸੋਚ ਨੂੰ ਉਭਾਰਕੇ ਗੁੰਮਰਾਹਕੁੰਨ ਪ੍ਰਚਾਰ ਰਾਹੀ ਹਿੰਦੂਆਂ ਨੂੰ ਆਪਣੇ ਮਗਰ ਲਗਾਉਣ ਦੇ ਗੈਰ ਇਖਲਾਕੀ ਕਾਰਵਾਈਆ ਕਰਦੇ ਨਜਰ ਆ ਰਹੇ ਹਨ । ਜਦੋ ਮੋਦੀ-ਸ਼ਾਹ ਹਕੂਮਤ ਮੁਲਕ ਨਿਵਾਸੀਆ ਨੂੰ ਇਕ ਅੱਛਾ ਇਨਸਾਫ ਪਸੰਦ ਰਾਜ ਭਾਗ ਦੇਣ, ਇਥੋ ਦੀ ਬੇਰੁਜਗਾਰੀ ਨੂੰ ਖਤਮ ਕਰਨ, ਹਰ ਨਾਗਰਿਕ ਦੀ ਮਾਲੀ ਤੇ ਪਰਿਵਾਰਿਕ ਹਾਲਤ ਨੂੰ ਸੁਧਾਰਨ, ਪੁਲਿਸ ਅਤੇ ਫੋਰਸਾਂ ਦੀ ਦੁਰਵਰਤੋ ਕਰਕੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਉਲੰਘਣ ਨੂੰ ਬੰਦ ਕਰਨ, ਅਮਨਮਈ ਤੇ ਜਮਹੂਰੀਅਤ ਪੱਖੀ ਰਾਜ ਪ੍ਰਬੰਧ ਦੇਣ ਵਿਚ ਹੁਣ ਤੱਕ ਅਸਫਲ ਰਹੀ ਹੈ, ਤਾਂ ਹੁਣ ਬਹੁਗਿਣਤੀ ਨੂੰ ਗੁੰਮਰਾਹ ਕਰਨ ਹਿੱਤ ਸਿੱਖ ਕੌਮ ਦੀ ਮਹਾਨ ਸਖਸ਼ੀਅਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਨਾਮ ਦੀ ਦੁਰਵਰਤੋ ਕਰਕੇ ਪੰਜਾਬੀਆਂ ਤੇ ਸਿੱਖਾਂ ਨੂੰ ਬਦਨਾਮ ਕਰਕੇ ਹਿੰਦੂਤਵੀਆ ਨੂੰ ਆਪਣੇ ਮਗਰ ਲਗਾਉਣ ਲਈ ਗੈਰ ਕਾਨੂੰਨੀ, ਗੈਰ ਸਮਾਜਿਕ ਅਮਲਾਂ ਵਿਚ ਰੁਝ ਗਈ ਹੈ । ਜਦੋਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦਾ ਕਿਸੇ ਵੀ ਕੌਮ, ਧਰਮ, ਫਿਰਕੇ ਨਾਲ ਨਾ ਤਾਂ ਕਦੀ ਕੋਈ ਨਫਰਤ ਰਹੀ ਹੈ ਅਤੇ ਨਾ ਹੀ ਪੰਜਾਬ ਦੇ ਕਿਸੇ ਵੀ ਥਾਣੇ ਵਿਚ ਉਨ੍ਹਾਂ ਦੀ ਕਿਸੇ ਤਰ੍ਹਾਂ ਕੋਈ ਐਫ.ਆਈ.ਆਰ. ਦਰਜ ਹੈ । ਨਾ ਹੀ ਉਨ੍ਹਾਂ ਤੇ ਕੋਈ ਅਪਰਾਧਿਕ ਜਾਂ ਫੌਜਦਾਰੀ ਕੇਸ ਹੈ । ਉਹ ਤਾਂ ਸਭ ਕੌਮਾਂ, ਧਰਮਾਂ, ਫਿਰਕਿਆ ਦੀ ਸਾਂਝੀ ਗੱਲ ਕਰਦੇ ਹੋਏ ਆਪੋ ਆਪਣੇ ਧਰਮਾਂ ਵਿਚ ਪ੍ਰਪੱਕ ਰਹਿਣ ਅਤੇ ਇਕ ਦੂਜੇ ਧਰਮ ਦਾ ਸਤਿਕਾਰ ਕਰਨ ਦੀ ਨਿਰੰਤਰ ਗੱਲ ਕਰਦੇ ਰਹੇ ਹਨ । ਇਥੋ ਤੱਕ ਜ਼ਬਰ ਦਾ ਸਿਕਾਰ ਹੋਣ ਵਾਲੀਆ ਹਿੰਦੂ ਬੀਬੀਆ ਨੂੰ ਸਤਿਕਾਰ ਸਹਿਤ ਉਨ੍ਹਾਂ ਦੇ ਸਹੁਰੇ ਘਰਾਂ ਵਿਚ ਵਸਾਉਣ ਦੇ ਫਰਜ ਵੀ ਅਦਾ ਕਰਦੇ ਰਹੇ ਹਨ । ਤਦੇ ਹੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਕੌਮੀ ਮਹਾਨ ਸੰਸਥਾਂ ਵੱਲੋ ਉਨ੍ਹਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਵੱਜੋ ਸਨਮਾਨ ਦਿੰਦੇ ਹੋਏ ਸਿੱਖ ਰੈਫਰੈਸ ਲਾਈਬ੍ਰੇਰੀ ਅੰਮ੍ਰਿਤਸਰ ਵਿਖੇ ਉਨ੍ਹਾਂ ਦੀ ਸਤਿਕਾਰਿਤ ਫੋਟੋ ਸੁਸੋਭਿਤ ਹੈ । ਉਹ ਸਿੱਖ ਕੌਮ ਦੇ ਨਾਇਕ ਹਨ ਅਤੇ ਰਹਿੰਦੀ ਦੁਨੀਆ ਤੱਕ ਰਹਿਣਗੇ । ਸ੍ਰੀ ਅਮਿਤ ਸ਼ਾਹ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਕੋਈ ਹੱਕ ਨਹੀ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਉਤੇ ਤੰਜ ਕੱਸਕੇ ਸਿੱਖ ਹਿਰਦਿਆ ਨੂੰ ਠੇਸ ਪਹੁੰਚਾਉਣ ਵਾਲੀਆ ਦੁਖਦਾਇਕ ਕਾਰਵਾਈਆ ਕਰਨ ਅਤੇ ਨਾ ਹੀ ਸਿੱਖ ਕੌਮ ਇਨ੍ਹਾਂ ਕੱਟੜਵਾਦੀ ਹੁਕਮਰਾਨਾਂ ਦੇ ਅਜਿਹੇ ਅਮਲਾਂ ਨੂੰ ਸਹਿਣ ਕਰੇਗੀ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੀ ਹਕੂਮਤ ਕਾਤਲ ਜੂੰਡਲੀ ਸ੍ਰੀ ਮੋਦੀ, ਸ੍ਰੀ ਅਮਿਤ ਸਾਹ, ਜੈਸੰਕਰ, ਅਜੀਤ ਡੋਵਾਲ, ਰਵੀ ਸਿਨ੍ਹਾਂ ਅਤੇ ਸੰਮਤ ਗੋਇਲ ਆਦਿ ਜਿਨ੍ਹਾਂ ਨੂੰ ਅਮਰੀਕਾ ਤੇ ਕੈਨੇਡਾ ਵਰਗੇ ਵੱਡੇ ਮੁਲਕ ਬਤੌਰ ਸਿੱਖਾਂ ਦੇ ਕਾਤਲ ਐਲਾਨ ਕਰ ਚੁੱਕੇ ਹਨ ਅਤੇ ਫਾਈਵ ਆਈ ਮੁਲਕ ਕੌਮਾਂਤਰੀ ਕਾਨੂੰਨਾਂ ਤੇ ਅਦਾਲਤਾਂ ਰਾਹੀ ਸਜਾਵਾਂ ਦੇਣ ਵੱਲ ਵੱਧ ਰਹੇ ਹਨ, ਦੇ ਮੈਬਰ ਸ੍ਰੀ ਅਮਿਤ ਸ਼ਾਹ ਵੱਲੋ ਪਾਰਲੀਮੈਟ ਵਿਚ ਖੜ੍ਹੇ ਹੋ ਕੇ ਹਊਮੈ ਵਿਚ ਗ੍ਰਸਤ ਹੋ ਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਸੰਬੰਧੀ ਅਤੇ ਸਿੱਖ ਕੌਮ ਦੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਸੰਬੰਧੀ ਅਪਮਾਨਿਤ ਤਨਜ ਕਰਨ ਦਾ ਸਖਤ ਨੋਟਿਸ ਲੈਦੇ ਹੋਏ ਅਤੇ ਸਿੱਖ ਕੌਮ ਦੇ ਅਜਿਹੇ ਕਾਤਲਾਂ ਨੂੰ ਨਿਕਲਣ ਵਾਲੇ ਭਿਆਨਕ ਨਤੀਜਿਆ ਤੋ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੋ ਤੱਕ ਸ੍ਰੀ ਸਾਹ ਨੇ ਸ. ਅੰਮ੍ਰਿਤਪਾਲ ਸਿੰਘ ਸੰਬੰਧੀ ਸੰਤ ਭਿੰਡਰਾਂਵਾਲੇ ਬਣਨ ਅਤੇ ਡਿਬਰੂਗੜ੍ਹ ਜੇਲ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨ ਦਾ ਮਜਾਕ ਉਡਾਉਦੇ ਹੋਏ ਗੱਲ ਕੀਤੀ ਹੈ, ਸ. ਅੰਮ੍ਰਿਤਪਾਲ ਸਿੰਘ ਨੇ ਕਦੀ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਨਕਲ ਨਹੀ ਕੀਤੀ, ਕੇਵਲ ਉਨ੍ਹਾਂ ਦੀ ਤਰ੍ਹਾਂ ਕੱਪੜੇ ਅਤੇ ਦਸਤਾਰ ਜਰੂਰ ਸਜਾਉਦੇ ਰਹੇ ਹਨ । ਇਹ ਤਾਂ ਸ੍ਰੀ ਸ਼ਾਹ ਵੀ ਕਈ ਵਾਰੀ ਫੌਜੀ ਅਤੇ ਫੋਰਸਾਂ ਦੀ ਟੋਪੀ ਪਹਿਨਕੇ ਆਪਣੀਆ ਤਸਵੀਰਾਂ ਅਖਬਾਰਾਂ ਵਿਚ ਪ੍ਰਕਾਸਿਤ ਕਰਵਾਉਦੇ ਰਹੇ ਹਨ । ਕੀ ਟੋਪੀ ਪਹਿਨਕੇ ਜਾਂ ਪੁਲਿਸ ਜਾਂ ਫ਼ੌਜੀ ਵਰਦੀ ਪਹਿਨਕੇ ਉਹ ਕੋਈ ਆਈ.ਪੀ.ਐਸ ਅਫਸਰ ਤਾਂ ਨਹੀ ਬਣ ਸਕਦੇ । ਪਾਰਲੀਮੈਟ ਵਿਚ ਗੈਰ ਤਰਕ ਗੱਲਾਂ ਕਰਕੇ ਇਹ ਹਿੰਦੂਤਵ ਆਗੂ ਇੰਡੀਅਨ ਨਿਵਾਸੀਆ ਦੇ ਨਾਇਕ ਨਹੀ ਬਣ ਸਕਦੇ । ਨਾਇਕ ਬਣਨ ਲਈ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਤਰ੍ਹਾਂ ਜ਼ਬਰ ਜੁਲਮ ਵਿਰੁੱਧ, ਫ਼ੌਜਾਂ, ਫੋਰਸਾਂ ਨਾਲ ਰਣ ਤੱਤੇ ਮੈਦਾਨ ਵਿਚ ਮੁਕਾਬਲਾ ਕਰਦੇ ਹੋਏ ਸਹਾਦਤਾਂ ਦੇਣੀਆ ਪੈਦੀਆਂ ਹਨ ।